ਔਨਲਾਈਨ ਵਧੇਰੇ ਸੁਰੱਖਿਅਤ ਰਹਿਣ ਲਈ ਕ੍ਰਿਟੀਕਲ ਥਿੰਕਿੰਗ (ਆਲੋਚਨਾਤਮਕ ਤਰੀਕੇ ਨਾਲ ਸੋਚਣ) ਦੀ ਵਰਤੋਂ ਕਿਵੇਂ ਕਰਨੀ ਹੈ? (How to use critical thinking to stay safer online)
ਕੁੱਝ ਚੀਜ਼ਾਂ ਜੋ ਲੋਕ ਔਨਲਾਈਨ ਸਾਂਝੀਆਂ ਕਰਦੇ ਹਨ, ਉਹ ਸਹੀ ਅਤੇ ਮੱਦਦਗਾਰ ਹੁੰਦੀਆਂ ਹਨ। ਜਦਕਿ ਔਨਲਾਈਨ ਕੁੱਝ ਚੀਜ਼ਾਂ ਨਕਲੀ ਜਾਂ ਅਸੁਰੱਖਿਅਤ ਹੁੰਦੀਆਂ ਹਨ। ਇਨ੍ਹਾਂ ਵਿੱਚ ਫ਼ਰਕ ਸਮਝਣਾ, ਔਨਲਾਈਨ ਵੇਖੀਆਂ ਚੀਜ਼ਾਂ ਬਾਰੇ ਕ੍ਰਿਟੀਕਲ ਥਿੰਕਿੰਗ ਕਰਨ ਦਾ ਹਿੱਸਾ ਹੈ।
ਕ੍ਰਿਟੀਕਲ ਥਿੰਕਿੰਗ ਕੀ ਹੈ, ਅਤੇ ਮੈਨੂੰ ਇਸਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?
ਇੰਟਰਨੈੱਟ ਇੱਕ ਅਜਿਹੀ ਥਾਂ ਹੈ ਜਿੱਥੇ ਕੋਈ ਵੀ ਵਿਅਕਤੀ ਤਸਵੀਰਾਂ, ਵੀਡੀਓ, ਜਾਣਕਾਰੀ ਅਤੇ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ। ਇਸ ਵਿੱਚ ਸ਼ਾਮਲ ਹਨ:
- ਤੁਸੀਂ
- ਤੁਹਾਡੇ ਦੋਸਤ ਅਤੇ ਪਰਿਵਾਰ
- ਕੰਪਨੀਆਂ
- ਮੀਡੀਆ ਇਨਫਲੂਐਂਸਰ ਅਤੇ ਮਸ਼ਹੂਰ ਹਸਤੀਆਂ
- ਠੱਗ
- ਆਰਟੀਫੀਸ਼ੀਅਲ ਇੰਟੈਲੀਜੈਂਸ ਰੋਬੋਟ (AI ਬੋਟ)।
ਕ੍ਰਿਟੀਕਲ ਥਿੰਕਿੰਗ ਦਾ ਮਤਲਬ ਹੈ ਕਿ ਔਨਲਾਈਨ ਕਿਸੇ ਵੀ ਚੀਜ਼ ‘ਤੇ ਵਿਸ਼ਵਾਸ ਕਰਨ ਤੋਂ ਪਹਿਲਾਂ, ਸਵਾਲ ਪੁੱਛਣਾ ਅਤੇ ਹੋਰ ਸਰੋਤਾਂ ਰਾਹੀਂ ਉਸਦੀ ਜਾਂਚ ਕਰਨਾ ਮੱਦਦਗਾਰ ਹੋ ਸਕਦਾ ਹੈ। ਤੁਸੀਂ ਕਿਸੇ ਅਧਿਆਪਕ ਜਾਂ ਹੋਰ ਭਰੋਸੇਯੋਗ ਬਾਲਗ ਵਿਅਕਤੀ ਤੋਂ ਪੁੱਛ ਸਕਦੇ ਹੋ ਜਾਂ ਹੋਰ ਭਰੋਸੇਯੋਗ ਔਨਲਾਈਨ ਸਾਈਟਾਂ ਰਾਹੀਂ ਇਹ ਜਾਂਚ ਸਕਦੇ ਹੋ ਕਿ ਜੋ ਕੁੱਝ ਤੁਸੀਂ ਔਨਲਾਈਨ ਵੇਖਦੇ, ਪੜ੍ਹਦੇ ਜਾਂ ਸੁਣਦੇ ਹੋ, ਉਹ ਭਰੋਸੇਯੋਗ ਹੈ ਜਾਂ ਨਹੀਂ।
ਅਜਿਹਾ ਕਰਨਾ ਕਈ ਕਾਰਨਾਂ ਕਰਕੇ ਮਹੱਤਵਪੂਰਨ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:
- ਕੁੱਝ ਜਾਣਕਾਰੀ ਸਹੀ ਨਹੀਂ ਹੁੰਦੀ ਹੈ
- ਕੁੱਝ ਵੀਡੀਓ ਅਤੇ ਤਸਵੀਰਾਂ ਨਕਲੀ ਹੁੰਦੀਆਂ ਹਨ
- ਕੁੱਝ ਲੋਕ ਤੁਹਾਨੂੰ ਪ੍ਰਭਾਵਿਤ ਕਰਨ, ਧੋਖਾ ਦੇਣ ਜਾਂ ਠੱਗਣ ਲਈ ਹੀ ਪੋਸਟਾਂ ਅਤੇ ਟਿੱਪਣੀਆਂ ਸਾਂਝੀਆਂ ਕਰਦੇ ਹਨ
- ਕੁੱਝ ਲੋਕ ਤੁਹਾਡੇ ਤੋਂ ਪੈਸੇ ਖ਼ਰਚ ਕਰਵਾਉਣ ਲਈ ਹੀ ਪੋਸਟਾਂ ਅਤੇ ਟਿੱਪਣੀਆਂ ਸਾਂਝੀਆਂ ਕਰਦੇ ਹਨ।
ਐਲਗੋਰਿਦਮ ਕੀ ਹੁੰਦਾ ਹੈ, ਅਤੇ ਇਹ ਮੇਰੇ ਵੱਲੋਂ ਵੇਖੇ ਜਾਣ ਵਾਲੀ ਸਮੱਗਰੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
ਐਲਗੋਰਿਦਮ ਇੱਕ ਕੰਪਿਊਟਰ ਪ੍ਰੋਗਰਾਮ ਹੈ, ਜੋ ਇਹ ਤੈਅ ਕਰਦਾ ਹੈ ਕਿ ਤੁਹਾਨੂੰ ਕੀ ਦਿਖਾਇਆ ਜਾਵੇ। ਬਹੁਤ ਸਾਰੀਆਂ ਐਪਾਂ, ਤੁਹਾਨੂੰ ਲੰਬੇ ਸਮੇਂ ਤੱਕ ਔਨਲਾਈਨ ਰੱਖਣ ਲਈ ਐਲਗੋਰਿਦਮ ਦੀ ਵਰਤੋਂ ਕਰਦੀਆਂ ਹਨ। ਜਦੋਂ ਤੁਸੀਂ ਵੱਧ ਸਮੇਂ ਤੱਕ ਔਨਲਾਈਨ ਰਹਿੰਦੇ ਹੋ, ਤਾਂ ਤੁਸੀਂ ਹੋਰ ਜ਼ਿਆਦਾ ਇਸ਼ਤਿਹਾਰ ਦੇਖਦੇ ਹੋ। ਜਦੋਂ ਤੁਸੀਂ ਜ਼ਿਆਦਾ ਇਸ਼ਤਿਹਾਰ ਦੇਖਦੇ ਹੋ, ਤਾਂ ਐਪ ਜ਼ਿਆਦਾ ਪੈਸਾ ਕਮਾਉਂਦੀ ਹੈ।
ਐਲਗੋਰਿਦਮ ਦਾ ਮਤਲਬ ਹੈ ਕਿ ਤੁਸੀਂ ਅਕਸਰ ਇੱਕੋ ਕਿਸਮ ਦੀ ਸਮੱਗਰੀ ਨੂੰ ਵਾਰ-ਵਾਰ ਦੇਖਦੇ ਹੋ। ਹੋ ਸਕਦਾ ਹੈ ਕਿ ਤੁਹਾਨੂੰ ਵੱਖ-ਵੱਖ ਵਿਚਾਰ ਜਾਂ ਰਾਏ ਵੇਖਣ ਨੂੰ ਨਾ ਮਿਲਣ। ਇਸਨੂੰ ਕਈ ਵਾਰ Echo Chamber (ਈਕੋ ਚੈਂਬਰ) ਕਿਹਾ ਜਾਂਦਾ ਹੈ।
ਤੁਸੀਂ ਕ੍ਰਿਟੀਕਲ ਥਿੰਕਿੰਗ ਦੀ ਵਰਤੋਂ ਕਰਕੇ ਇਹ ਸਮਝ ਸਕਦੇ ਹੋ ਕਿ ਈਕੋ ਚੈਂਬਰ ਕੀ ਹੁੰਦਾ ਹੈ ਅਤੇ ਤੁਸੀਂ ਕਦੋਂ ਇਸ ਵਿੱਚ ਫਸ ਸਕਦੇ ਹੋ। ਕ੍ਰਿਟੀਕਲ ਥਿੰਕਿੰਗ ਇੱਕ ਅਹਿਮ ਹੁਨਰ ਹੈ ਅਤੇ ਇਹ ਤੁਹਾਨੂੰ ਔਨਲਾਈਨ ਸੁਰੱਖਿਅਤ ਰਹਿਣ ਵਿੱਚ ਮੱਦਦ ਕਰ ਸਕਦੀ ਹੈ।
ਇਹ ਸਮਝਣ ਲਈ ਸੁਝਾਅ ਕਿ ਔਨਲਾਈਨ ਕਿਸ ਚੀਜ਼ ‘ਤੇ ਭਰੋਸਾ ਕਰਨਾ ਹੈ
ਇੱਥੇ ਕੁੱਝ ਚੇਤਾਵਨੀ ਸੰਕੇਤਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ, ਜੋ ਇਹ ਦੱਸ ਸਕਦੀਆਂ ਹਨ ਕਿ ਔਨਲਾਈਨ ਵੇਖੀ ਗਈ ਕੋਈ ਚੀਜ਼ ਖ਼ਤਰਨਾਕ ਜਾਂ ਭਰੋਸੇਯੋਗ ਨਹੀਂ ਹੋ ਸਕਦੀ ਹੈ:
- ਭਾਵੁਕ ਕਰਨ ਵਾਲੀਆਂ ਜਾਂ ਬਹੁਤ ਨਾਟਕੀ ਸੁਰਖੀਆਂ, ਖ਼ਾਸ ਕਰਕੇ ਜੋ ਵੱਡੇ ਅੱਖਰਾਂ ਵਿੱਚ ਲਿਖੀਆਂ ਹੋਈਆਂ ਹੋਣ — ਇਹ ਅਕਸਰ ਤੁਹਾਡਾ ਧਿਆਨ ਖਿੱਚਣ ਜਾਂ ਤੁਹਾਡੇ ਕੋਲੋਂ ਕਲਿੱਕ ਕਰਵਾਉਣ ਲਈ ਵਰਤੀਆਂ ਜਾਂਦੀਆਂ ਹਨ।
- ਅਜਿਹੇ ਵੱਡੇ ਵਾਅਦੇ ਜੋ ਸੱਚ ਹੋਣੇ ਸੁਫ਼ਨੇ ਵਾਂਗ ਲੱਗਦੇ ਹਨ — ਉਦਾਹਰਨ ਵਜੋਂ, ਅਜਿਹੇ ਸੁਨੇਹੇ ਜੋ ਕਹਿੰਦੇ ਹਨ ਕਿ ਕੁੱਝ ਕਰਨ ਨਾਲ ਤੁਸੀਂ ਪੈਸੇ ਜਿੱਤ ਲਵੋਗੇ, ਜਾਂ ਕੋਈ ਗੋਲੀ ਜਾਂ ਉਤਪਾਦ ਤੁਹਾਡੀ ਹਰ ਸਮੱਸਿਆ ਨੂੰ ਠੀਕ ਕਰ ਦੇਵੇਗਾ। ਇਹ ਅਕਸਰ ਤੁਹਾਨੂੰ ਉਤਸ਼ਾਹਿਤ ਕਰਨ ਲਈ ਵਰਤੇ ਜਾਂਦੇ ਹਨ, ਤਾਂ ਜੋ ਤੁਸੀਂ ਕਿਸੇ ਲਿੰਕ ‘ਤੇ ਕਲਿੱਕ ਕਰੋ ਜਾਂ ਕੁੱਝ ਖ਼ਰੀਦੋ।
- ਜਲਦੀ ਕਰਨ ਦਾ ਦਬਾਅ — ਠੱਗ ਅਕਸਰ ‘ਹੁਣੇ ਕਰੋ’ ਜਾਂ ‘ਇਹ ਤੁਰੰਤ ਕਰੋ’ ਵਰਗੇ ਸੁਨੇਹਿਆਂ ਦੀ ਵਰਤੋਂ ਕਰਦੇ ਹਨ। ਉਹ ਤੁਹਾਡੇ ਕੋਲੋਂ ਜਲਦੀ ਵਿੱਚ ਗ਼ਲਤ ਫ਼ੈਸਲਾ ਕਰਵਾਉਣਾ ਚਾਹੁੰਦੇ ਹਨ।
- ਕਹੀ ਗਈ ਗੱਲ ਦਾ ਕੋਈ ਸਬੂਤ ਨਾ ਹੋਣਾ — ਅਸਲੀ ਤੱਥਾਂ ਦੀ ਪੁਸ਼ਟੀ ਸਰਕਾਰੀ ਵੈੱਬਸਾਈਟਾਂ ਅਤੇ ਖੋਜ ਸੰਸਥਾਵਾਂ ਵਰਗੇ ਭਰੋਸੇਯੋਗ ਸਰੋਤਾਂ ਰਾਹੀਂ ਕੀਤੀ ਜਾ ਸਕਦੀ ਹੈ।
- ਐਡਿਟ ਕੀਤੀਆਂ ਜਾਂ ਨਕਲੀ ਲੱਗਣ ਵਾਲੀਆਂ ਤਸਵੀਰਾਂ ਜਾਂ ਵੀਡੀਓ — ਉਦਾਹਰਨ ਵਜੋਂ, ਬਹੁਤ ਜ਼ਿਆਦਾ ਕੋਮਲ ਚਿਹਰੇ, ਜਾਂ ਅਜਿਹੀਆਂ ਵੀਡੀਓ ਜਿੱਥੇ ਕੋਈ ਵਿਅਕਤੀ ਅਜਿਹੀ ਗੱਲ ਕਰਦਾ ਜਾਂ ਕਹਿੰਦਾ ਹੋਇਆ ਦਿਖਾਈ ਦੇਵੇ ਜਿਸਦੀ ਤੁਸੀਂ ਉਸ ਤੋਂ ਉਮੀਦ ਨਾ ਕਰਦੇ ਹੋਵੋ।
- ਸ਼ੱਕੀ ਈਮੇਲ ਪਤੇ, ਖਾਤੇ ਦੇ ਨਾਮ ਜਾਂ ਲਿੰਕ — ਜੇਕਰ ਕੋਈ ਸੁਨੇਹਾ ਜਾਂ ਪੋਸਟ ਤੁਹਾਡੇ ਕੋਲੋਂ ਪੈਸੇ ਜਾਂ ਨਿੱਜੀ ਜਾਣਕਾਰੀ, ਜਿਵੇਂ ਪਾਸਵਰਡ ਜਾਂ ਘਰ ਦਾ ਪਤਾ ਮੰਗ ਰਹੀ ਹੋਵੇ, ਤਾਂ ਸਾਵਧਾਨ ਰਹੋ।
ਔਨਲਾਈਨ ਵਧੇਰੇ ਸੁਰੱਖਿਅਤ ਰਹਿਣ ਲਈ ਆਸਾਨ ਕਦਮ
ਇਹ 3-ਕਦਮਾਂ ਵਾਲਾ ਤਰੀਕਾ, ਤੁਹਾਨੂੰ ਇਹ ਪਤਾ ਲਗਾਉਣ ਵਿੱਚ ਮਦਦ ਕਰ ਸਕਦਾ ਹੈ ਕਿ ਜੋ ਕੁੱਝ ਤੁਸੀਂ ਪੜ੍ਹ ਰਹੇ ਜਾਂ ਵੇਖ ਰਹੇ ਹੋ, ਉਹ ਖ਼ਤਰਨਾਕ ਹੋ ਸਕਦਾ ਹੈ ਜਾਂ ਨਹੀਂ।
1. ਰੁਕੋ
ਇਨ੍ਹਾਂ ਵਿੱਚੋਂ ਕੁੱਝ ਕਰਨ ਤੋਂ ਪਹਿਲਾਂ ਰੁਕੋ:
- ਕਿਸੇ ਲਿੰਕ ‘ਤੇ ਕਲਿੱਕ ਕਰਨ ਤੋਂ ਪਹਿਲਾਂ
- ਕੋਈ ਪੋਸਟ ਸਾਂਝਾ ਕਰਨ ਤੋਂ ਪਹਿਲਾਂ
- ਕਿਸੇ ਸੁਨੇਹੇ ਦਾ ਜਵਾਬ ਦੇਣ ਤੋਂ ਪਹਿਲਾਂ
- ਨਿੱਜੀ ਜਾਣਕਾਰੀ ਭੇਜਣ ਤੋਂ ਪਹਿਲਾਂ।
ਰੁਕਣ ਨਾਲ ਤੁਹਾਨੂੰ ਸੋਚਣ ਲਈ ਸਮਾਂ ਮਿਲਦਾ ਹੈ।
2. ਸੋਚੋ
ਇਹ ਸਮਝਣ ਲਈ, ਆਪਣੇ ਆਪ ਨੂੰ ਸਵਾਲ ਪੁੱਛੋ ਕਿ ਕੋਈ ਚੀਜ਼ ਅਸੁਰੱਖਿਅਤ ਹੋ ਸਕਦੀ ਹੈ ਜਾਂ ਨਹੀਂ।
- ਕੀ ਕੋਈ ਅਜਿਹੇ ਚੇਤਾਵਨੀ ਸੰਕੇਤ ਹਨ, ਜੋ ਦੱਸਦੇ ਹੋਣ ਕਿ ਇਹ ਭਰੋਸੇਯੋਗ ਨਹੀਂ ਹੈ?
- ਇਸਨੂੰ ਕਿਸਨੇ ਬਣਾਇਆ ਜਾਂ ਸਾਂਝਾ ਕੀਤਾ ਹੈ? ਕੀ ਮੈਂ ਉਨ੍ਹਾਂ ‘ਤੇ ਭਰੋਸਾ ਕਰ ਸਕਦਾ/ਸਕਦੀ ਹਾਂ?
- ਕੀ ਮੈਂ ਉਸ ਵਿਅਕਤੀ ਜਾਂ ਕਾਰੋਬਾਰ ਨੂੰ ਜਾਣਦਾ/ਜਾਣਦੀ ਹਾਂ?
- ਉਹ ਕੀ ਚਾਹੁੰਦੇ ਹਨ? ਕੀ ਉਹ ਮੈਨੂੰ ਕੁੱਝ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ?
- ਕੀ ਇਹ ਭਰੋਸੇਯੋਗ ਲੱਗਦਾ ਹੈ? ਜਾਂ ਕੀ ਇਹ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਜਾਂ ਵਧਾ-ਚੜ੍ਹਾ ਕੇ ਦੱਸਿਆ ਹੋਇਆ ਲੱਗਦਾ ਹੈ?
- ਇਹ ਮੈਨੂੰ ਕਿਵੇਂ ਦਾ ਮਹਿਸੂਸ ਕਰਵਾਉਂਦਾ ਹੈ? ਡਰਿਆ ਹੋਇਆ, ਉਤਸ਼ਾਹਿਤ ਜਾਂ ਗੁੱਸੇ ਵਿੱਚ?
- ਉਹ ਮੈਨੂੰ ਅੱਗੇ ਕੀ ਕਰਨ ਲਈ ਕਹਿ ਰਹੇ ਹਨ? ਸਾਂਝਾ ਕਰਨਾ, ਖ਼ਰੀਦਣਾ, ਕਲਿੱਕ ਕਰਨਾ ਜਾਂ ਜਵਾਬ ਦੇਣਾ?
- ਕੀ ਇਹ ‘ਤੁਰੰਤ ਜ਼ਰੂਰੀ’ ਲੱਗਦਾ ਹੈ? ਕੀ ਕੋਈ ਮੇਰੇ 'ਤੇ ਜਲਦੀ ਕਾਰਵਾਈ ਕਰਨ ਲਈ ਦਬਾਅ ਪਾ ਰਿਹਾ ਹੈ?
- ਕੀ ਤਸਵੀਰਾਂ, ਵੀਡੀਓ ਜਾਂ ਦਾਅਵੇ ਨਕਲੀ ਹੋ ਸਕਦੇ ਹਨ?
- ਕੀ ਇਸਨੂੰ ਸਾਂਝਾ ਕਰਨਾ ਸੁਰੱਖਿਅਤ ਹੈ, ਜਾਂ ਮੈਨੂੰ ਬਾਅਦ ਵਿੱਚ ਪਛਤਾਵਾ ਹੋ ਸਕਦਾ ਹੈ? ਕੀ ਇਸ ਨਾਲ ਕਿਸੇ ਨੂੰ ਨੁਕਸਾਨ ਹੋ ਸਕਦਾ ਹੈ, ਇਸਦੀ ਗ਼ਲਤ ਵਰਤੋਂ ਹੋ ਸਕਦੀ ਹੈ ਜਾਂ ਇਸ ਨਾਲ ਮੇਰਾ ਅਕਸ ਖ਼ਰਾਬ ਹੋ ਸਕਦਾ ਹੈ?
3. ਜਾਂਚ ਕਰੋ
ਜੇਕਰ ਕੋਈ ਵਿਅਕਤੀ ਇਹ ਨਹੀਂ ਦੱਸਦਾ ਕਿ ਜਾਣਕਾਰੀ ਕਿੱਥੋਂ ਆਈ ਹੈ, ਤਾਂ ਇਹ ਜਾਂਚਣ ਲਈ ਕਿ ਕੀ ਇਹ ਸਹੀ ਹੈ, ਸਰਕਾਰੀ ਵੈੱਬਸਾਈਟਾਂ ਅਤੇ ਭਰੋਸੇਯੋਗ ਸੰਸਥਾਵਾਂ ਨੂੰ ਵੇਖੋ। ਉਦਾਹਰਨ ਲਈ:
- ਰਾਸ਼ਟਰੀ ਜਾਂ ਰਾਜ ਪੱਧਰ ਦੀਆਂ ਖ਼ਬਰਾਂ ਵਾਲੀਆਂ ਵੈੱਬਸਾਈਟਾਂ ਤੋਂ
- ਸਰਕਾਰੀ ਵੈੱਬਸਾਈਟਾਂ ਤੋਂ
- ਤੱਥ-ਜਾਂਚ ਕਰਨ ਵਾਲੀਆਂ ਸਾਈਟਾਂ ਜਿਵੇਂ ਕਿ factcheck.org ਜਾਂ Snopes ਤੋਂ।
ਸਿਰਫ਼ ਵੇਖਕੇ ਇਹ ਦੱਸਣਾ ਔਖਾ ਹੁੰਦਾ ਹੈ ਕਿ ਕੋਈ ਤਸਵੀਰ ਜਾਂ ਵੀਡੀਓ ਨਕਲੀ ਹੈ ਜਾਂ ਨਹੀਂ, ਪਰ ਇਹ ਗੱਲਾਂ ਸੰਕੇਤ ਹੋ ਸਕਦੀਆਂ ਹਨ ਜੇਕਰ:
- ਚਿਹਰਾ ਜਾਂ ਮੂੰਹ ਠੀਕ ਤਰ੍ਹਾਂ ਨਾਲ ਹਿੱਲਦਾ ਨਾ ਹੋਵੇ
- ਚਮੜੀ ਬਹੁਤ ਜ਼ਿਆਦਾ ਕੋਮਲ ਲੱਗੇ
- ਵੀਡੀਓ ਬੇਢੰਗੀ ਜਾਂ ਟੁੱਟੀ ਹੋਈ ਲੱਗੇ।
ਜੇਕਰ ਤੁਸੀਂ AI-ਸਹਾਇਤਾ ਪ੍ਰਾਪਤ ਖੋਜ ਜਾਂ ਚੈਟਬੋਟ ਦੀ ਵਰਤੋਂ ਕਰ ਰਹੇ ਹੋ, ਤਾਂ ਇਹ ਨਾ ਮੰਨੋ ਕਿ ਇਹ ਤੁਹਾਨੂੰ ਜੋ ਦਿੰਦਾ ਹੈ ਉਹ ਸਹੀ ਹੈ। ਇਹ ਯਾਦ ਰੱਖਣਾ ਮਹੱਤਵਪੂਰਨ ਹੈ:
- AI ਗ਼ਲਤੀਆਂ ਕਰਨ ਦੇ ਬਾਵਜੂਦ ਵੀ ਅਜਿਹੀ ਜਾਣਕਾਰੀ ਦੇ ਸਕਦਾ ਹੈ, ਜੋ ਸਹੀ ਲੱਗੇ
- AI ਕਿਤਾਬਾਂ ਅਤੇ ਵੈੱਬਸਾਈਟਾਂ ਵਰਗੇ ਉਹਨਾਂ ਸਰੋਤਾਂ ਤੋਂ ਸਿੱਖਦਾ ਹੈ, ਜੋ ਲੋਕਾਂ ਵੱਲੋਂ ਬਣਾਏ ਗਏ ਹਨ, ਇਸ ਲਈ ਇਹ ਤੁਹਾਨੂੰ ਗ਼ਲਤ ਜਾਣਕਾਰੀ, ਪੱਖਪਾਤੀ ਵਿਚਾਰ ਜਾਂ ਅਸੁਰੱਖਿਅਤ ਸਲਾਹ ਵੀ ਦੇ ਸਕਦਾ ਹੈ।
- AI ਚੈਟਬੋਟ ਅਤੇ ਜੀਵਨਸਾਥੀ ਐਪ ਤੁਹਾਨੂੰ ਇਹ ਮਹਿਸੂਸ ਕਰਵਾ ਸਕਦੇ ਹਨ ਕਿ ਤੁਸੀਂ ਕਿਸੇ ਰੋਮਾਂਚਕ ਜਾਂ ਸਹਾਇਕ ਰਿਸ਼ਤੇ ਵਿੱਚ ਹੋ, ਪਰ ਉਹ ਅਸਲੀ ਲੋਕ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਕਿ ਉਹ ਜੋ ਕਹਿ ਰਹੇ ਹਨ ਉਹ ਤੁਹਾਡੇ ਲਈ ਚੰਗਾ ਹੈ ਜਾਂ ਨਹੀਂ। ਇਸ ਕਰਕੇ ਉਹ ਤੁਹਾਨੂੰ ਨੁਕਸਾਨਦੇਹ ਜਾਂ ਪ੍ਰੇਸ਼ਾਨ ਕਰਨ ਵਾਲੀ ਸਮੱਗਰੀ ਵੱਲ ਲੈ ਕੇ ਜਾ ਸਕਦੇ ਹਨ।
ਮੱਦਦ ਕਿਵੇਂ ਲੈਣੀ ਹੈ?
ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਸੀਂ ਕਿਸੇ ਵੀ ਉਮਰ ਦੇ ਹੋਵੋ, ਜੇਕਰ ਤੁਹਾਡੇ ਨਾਲ ਔਨਲਾਈਨ ਕੋਈ ਨੁਕਸਾਨਦੇਹ ਅਨੁਭਵ ਹੁੰਦਾ ਹੈ, ਤਾਂ ਤੁਹਾਨੂੰ ਮੱਦਦ ਲੈਣੀ ਚਾਹੀਦੀ ਹੈ — ਭਾਵੇਂ ਤੁਸੀਂ 16 ਸਾਲ ਤੋਂ ਘੱਟ ਉਮਰ ਦੇ ਹੋ ਅਤੇ ਇਹ ਕਿਸੇ ਉਮਰ ਦੀ ਪਾਬੰਦੀ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹੋਇਆ ਹੋਵੇ। ਜੇਕਰ ਤੁਹਾਡੇ ਕੋਲ ਅਜੇ ਵੀ ਖਾਤਾ ਹੈ, ਤਾਂ ਵੀ ਤੁਸੀਂ ਮੁਸੀਬਤ ਵਿੱਚ ਨਹੀਂ ਫਸੋਗੇ।
ਜੇਕਰ ਤੁਸੀਂ ਔਨਲਾਈਨ ਕਿਸੇ ਚੀਜ਼ ਜਾਂ ਵਿਅਕਤੀ ਬਾਰੇ ਨਿਸ਼ਚਿੰਤ ਨਹੀਂ ਹੋ, ਜਾਂ ਤੁਸੀਂ ਤਣਾਅ, ਦਬਾਅ, ਉਲਝਣ, ਚਿੰਤਾ ਜਾਂ ਅਸੁਰੱਖਿਅਤ ਮਹਿਸੂਸ ਕਰਦੇ ਹੋ, ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ:
- ਇਸ ਬਾਰੇ ਕਿਸੇ ਭਰੋਸੇਯੋਗ ਬਾਲਗ ਵਿਅਕਤੀ ਨਾਲ ਗੱਲ ਕਰੋ, ਜਿਵੇਂ:
- ਮਾਪੇ ਜਾਂ ਆਂਟੀ
- ਦੇਖਭਾਲ ਕਰਨ ਵਾਲਾ ਵਿਅਕਤੀ
- ਅਧਿਆਪਕ
- ਕੋਚ
- ਭਾਈਚਾਰਕ ਸਹਾਇਤਾ ਕਰਮਚਾਰੀ।
- ਕਿਡਜ਼ ਹੈਲਪਲਾਈਨ (ਜੋ 5 ਤੋਂ 25 ਸਾਲ ਦੇ ਯੁਵਕਾਂ ਲਈ ਹੈ) ਵਰਗੀ ਕਾਊਂਸਲਿੰਗ ਅਤੇ ਸਹਾਇਤਾ ਸੇਵਾ ਨਾਲ, 1800 55 1800 ‘ਤੇ ਜਾਂ www.kidshelpline.com.au ਰਾਹੀਂ ਸੰਪਰਕ ਕਰੋ। ਇਹ ਮੁਫ਼ਤ, ਗੁਪਤ ਹਨ ਅਤੇ 24/7 ਗੱਲ ਕਰਨ ਲਈ ਉਪਲਬਧ ਹਨ।
- ਨੁਕਸਾਨਦੇਹ ਜਾਂ ਗ਼ੈਰ-ਕਾਨੂੰਨੀ ਸਮੱਗਰੀ, ਜਿਸ ਵਿੱਚ ਨਕਲੀ ਤਸਵੀਰਾਂ ਜਾਂ ਵੀਡੀਓ (ਖ਼ਾਸ ਕਰਕੇ ਜੇਕਰ ਉਹ ਜਿਨਸੀ ਕਿਸਮ ਦੀਆਂ ਹੋਣ) ਸ਼ਾਮਲ ਹਨ, ਉਸ ਪਲੇਟਫ਼ਾਰਮ ‘ਤੇ ਰਿਪੋਰਟ ਕਰੋ ਜਿੱਥੇ ਤੁਸੀਂ ਉਹਨਾਂ ਨੂੰ ਵੇਖਿਆ ਸੀ। eSafety ਗਾਈਡ ਵਿੱਚ ਵੱਖ-ਵੱਖ ਪਲੇਟਫ਼ਾਰਮਾਂ, ਐਪਾਂ ਅਤੇ ਵੈੱਬਸਾਈਟਾਂ ‘ਤੇ ਨੁਕਸਾਨਦੇਹ ਸਮੱਗਰੀ ਦੀ ਰਿਪੋਰਟ ਕਰਨ ਬਾਰੇ ਕਦਮ-ਦਰ-ਕਦਮ ਜਾਣਕਾਰੀ ਦਿੱਤੀ ਗਈ ਹੈ।
- ਜੇਕਰ ਪਲੇਟਫ਼ਾਰਮ ਮੱਦਦ ਨਹੀਂ ਕਰਦਾ, ਤਾਂ ਕਿਸੇ ਨੂੰ ਕਹੋ ਕਿ ਉਹ ਇਹ ਜਾਂਚਣ ਵਿੱਚ ਤੁਹਾਡੀ ਮੱਦਦ ਕਰੇ ਕਿ ਕੀ ਇਸਦੀ ਰਿਪੋਰਟ eSafety.gov.au/report ‘ਤੇ eSafety ਨੂੰ ਕੀਤੀ ਜਾ ਸਕਦੀ ਹੈ। eSafety ਸਾਇਬਰ ਧੱਕੇਸ਼ਾਹੀ, ਬਾਲਗਾਂ ਨਾਲ ਸਾਈਬਰ ਦੁਰਵਿਵਹਾਰ ਅਤੇ ਚਿੱਤਰ-ਅਧਾਰਿਤ ਸੋਸ਼ਣ (ਕਿਸੇ ਵਿਅਕਤੀ ਦੀ ਮੰਨਜ਼ੂਰੀ ਤੋਂ ਬਿਨਾਂ ਉਸ ਦੀਆਂ ਨਿੱਜੀ ਤਸਵੀਰਾਂ ਸਾਂਝੀਆਂ ਕਰਨਾ, ਜਾਂ ਸਾਂਝੀਆਂ ਕਰਨ ਦੀਆਂ ਧਮਕੀ ਦੇਣਾ) ਦੇ ਨਾਲ-ਨਾਲ ਗ਼ੈਰ-ਕਾਨੂੰਨੀ ਅਤੇ ਪਾਬੰਦੀਸ਼ੁਦਾ ਸਮੱਗਰੀ ਦੀ ਜਾਂਚ ਕਰ ਸਕਦੀ ਹੈ।
- ਆਪਣੀਆਂ ਗੁਪਤਤਾ ਸੈਟਿੰਗਾਂ ਅਤੇ ਸੁਰੱਖਿਆ ਸੈਟਿੰਗਾਂ ਦੀ ਵਰਤੋਂ ਕਰਕੇ ਉਹਨਾਂ ਲੋਕਾਂ ਦੀਆਂ ਟਿੱਪਣੀਆਂ ਨੂੰ ਮਿਊਟ ਕਰੋ ਅਤੇ ਉਨ੍ਹਾਂ ਨਾਲ ਸੰਪਰਕ ਸੀਮਿਤ ਕਰੋ ਜੋ ਤੁਹਾਡੇ ‘ਤੇ ਦਬਾਅ ਪਾਉਂਦੇ ਹਨ ਜਾਂ ਤੁਹਾਨੂੰ ਡਰਾਉਂਦੇ ਹਨ — ਤੁਸੀਂ ਉਨ੍ਹਾਂ ਦੀ ਪਲੇਟਫ਼ਾਰਮ ‘ਤੇ ਰਿਪੋਰਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਲੌਕ ਵੀ ਕਰ ਸਕਦੇ ਹੋ।
Last updated: 20/07/2026