ਤੁਸੀਂ ਔਨਲਾਈਨ ਕੀ ਵੇਖਦੇ ਹੋ, ਉਸ ‘ਤੇ ਕਿਵੇਂ ਕੰਟਰੋਲ ਕਰਨਾ ਹੈ? (How to take control of what you see online)
ਹਰ ਵਾਰ ਜਦੋਂ ਤੁਸੀਂ ਔਨਲਾਈਨ ਜਾਂਦੇ ਹੋ, ਐਲਗੋਰਿਦਮ ਤੁਹਾਡੇ ਵੱਲੋਂ ਵੇਖੀਆਂ ਗਈਆਂ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਹਨ। ਉਹ ਹੌਲੀ-ਹੌਲੀ ਤੁਹਾਨੂੰ ਇੱਕ ‘ਈਕੋ ਚੈਂਬਰ' (Echo Chamber) ਵਿੱਚ ਧੱਕ ਸਕਦੇ ਹਨ। ਈਕੋ ਚੈਂਬਰ ਅਜਿਹੀ ਥਾਂ ਹੁੰਦੀ ਹੈ, ਜਿੱਥੇ ਤੁਸੀਂ ਵਾਰ-ਵਾਰ ਇੱਕੋ ਜਿਹੀ ਸਮੱਗਰੀ ਸੁਣਦੇ ਅਤੇ ਦੇਖਦੇ ਹੋ।
ਤੁਹਾਡੇ ਕੋਲ ਇਸਨੂੰ ਵਾਪਰਨ ਤੋਂ ਰੋਕਣ ਦੀ ਸਮਰੱਥਾ ਹੈ।
ਐਲਗੋਰਿਦਮ ਕੀ ਹੁੰਦਾ ਹੈ?
ਜਦੋਂ ਤੁਸੀਂ ਇੰਟਰਨੈੱਟ ਵਰਤਦੇ ਹੋ, ਤਾਂ ਇੱਕ ਖ਼ਾਸ ਕਿਸਮ ਦਾ ਕੰਪਿਊਟਰ ਪ੍ਰੋਗਰਾਮ, ਜਿਸਨੂੰ ਐਲਗੋਰਿਦਮ ਕਿਹਾ ਜਾਂਦਾ ਹੈ, ਇਹ ਤੈਅ ਕਰਦਾ ਹੈ ਕਿ ਤੁਹਾਨੂੰ ਕੀ ਦਿਖਾਇਆ ਜਾਵੇ।
ਸਭ ਤੋਂ ਪਹਿਲਾਂ, ਐਲਗੋਰਿਦਮ ਇਹ ਵੇਖਦਾ ਹੈ ਕਿ ਤੁਸੀਂ ਔਨਲਾਈਨ ਕੀ ਕਰਦੇ ਹੋ, ਉਦਾਹਰਨ ਵਜੋਂ:
- ਤੁਸੀਂ ਕਿਹੜੀਆਂ ਵੀਡੀਓ ਵੇਖਦੇ ਹੋ
- ਤੁਸੀਂ ਕਿਹੜੀਆਂ ਗੇਮਾਂ ਖੇਡਦੇ ਹੋ
- ਤੁਸੀਂ ਕਿਹੜੀਆਂ ਪੋਸਟਾਂ ਵੇਖਦੇ ਹੋ
- ਤੁਸੀਂ ਕੀ ਖੋਜਦੇ ਹੋ।
ਫਿਰ ਐਲਗੋਰਿਦਮ ਤੁਹਾਨੂੰ ਉਸੇ ਤਰ੍ਹਾਂ ਦੀ ਹੋਰ ਸਮੱਗਰੀ ਦਿਖਾਉਂਦਾ ਹੈ।
ਉਦਾਹਰਨ ਵਜੋਂ, ਜੇਕਰ ਤੁਸੀਂ ਯੂਟਿਊਬ 'ਤੇ ਇੱਕ ਕਤੂਰੇ ਦਾ ਵੀਡੀਓ ਦੇਖਦੇ ਹੋ, ਤਾਂ ਐਲਗੋਰਿਦਮ ਤੁਹਾਨੂੰ ਕਤੂਰਿਆਂ ਦੀਆਂ ਹੋਰ ਵੀਡੀਓ ਦਿਖਾਏਗਾ।
ਐਲਗੋਰਿਦਮ ਕਈ ਵਾਰ ਤੁਹਾਡੇ ਲਈ ਨੁਕਸਾਨਦੇਹ ਕਿਉਂ ਹੋ ਸਕਦਾ ਹੈ?
ਇੱਕ ਐਲਗੋਰਿਦਮ ਇੱਕ ਕੰਪਿਊਟਰ ਪ੍ਰੋਗਰਾਮ ਹੈ, ਕੋਈ ਵਿਅਕਤੀ ਨਹੀਂ। ਇਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਤੁਹਾਡੇ ਲਈ ਕੀ ਚੰਗਾ ਹੈ ਜਾਂ ਕੀ ਮਾੜਾ ਹੈ। ਕਈ ਵਾਰ, ਇਹ:
- ਤੁਹਾਨੂੰ ਇੱਕੋ ਜਿਹੀਆਂ ਚੀਜ਼ਾਂ ਵਾਰ-ਵਾਰ ਦਿਖਾ ਸਕਦਾ ਹੈ
- ਤੁਹਾਡਾ ਧਿਆਨ ਖਿੱਚਣ ਲਈ ਤੁਹਾਨੂੰ ਪਰੇਸ਼ਾਨ ਕਰਨ ਵਾਲੀਆਂ ਜਾਂ ਹੈਰਾਨ ਕਰਨ ਵਾਲੀਆਂ ਚੀਜ਼ਾਂ ਦਿਖਾ ਸਕਦਾ ਹੈ
- ਤੁਹਾਨੂੰ ਬਹੁਤ ਜ਼ਿਆਦਾ ਸਮਾਂ ਔਨਲਾਈਨ ਬਿਤਾਉਣ ਲਈ ਉਤਸ਼ਾਹਿਤ ਕਰ ਸਕਦਾ ਹੈ।
ਐਪਾਂ ਤੁਹਾਨੂੰ ਲੰਬੇ ਸਮੇਂ ਤੱਕ ਔਨਲਾਈਨ ਰੱਖਣ ਲਈ ਐਲਗੋਰਿਦਮ ਦੀ ਵਰਤੋਂ ਕਰਦੀਆਂ ਹਨ। ਅਜਿਹਾ ਕਰਨ ਦਾ ਇੱਕ ਕਾਰਨ ਇਹ ਹੈ ਕਿ ਜਦੋਂ ਤੁਸੀਂ ਵੱਧ ਸਮੇਂ ਤੱਕ ਔਨਲਾਈਨ ਰਹਿੰਦੇ ਹੋ, ਤਾਂ ਤੁਹਾਨੂੰ ਹੋਰ ਜ਼ਿਆਦਾ ਇਸ਼ਤਿਹਾਰ ਦਿਖਾਈ ਦਿੰਦੇ ਹਨ — ਅਤੇ ਜਦੋਂ ਤੁਸੀਂ ਹੋਰ ਜ਼ਿਆਦਾ ਇਸ਼ਤਿਹਾਰ ਵੇਖਦੇ ਹੋ, ਤਾਂ ਐਪ ਹੋਰ ਜ਼ਿਆਦਾ ਪੈਸੇ ਕਮਾਉਂਦੀ ਹੈ।'
ਈਕੋ ਚੈਂਬਰ ਕੀ ਹੁੰਦਾ ਹੈ?
ਔਫਫ਼ਈਨ, ਈਕੋ ਚੈਂਬਰ ਉਹ ਥਾਂ ਹੁੰਦੀ ਹੈ ਜਿੱਥੇ ਤੁਸੀਂ ਇੱਕੋ ਜਿਹੀਆਂ ਗੱਲਾਂ ਵਾਰ-ਵਾਰ ਸੁਣਦੇ ਹੋ।
ਔਨਲਾਈਨ, ਜੇਕਰ ਕੋਈ ਕਹਿੰਦਾ ਹੈ ਕਿ ਤੁਸੀਂ ਈਕੋ ਚੈਂਬਰ ਵਿੱਚ ਹੋ, ਤਾਂ ਇਸਦਾ ਮਤਲਬ ਹੈ ਕਿ ਐਲਗੋਰਿਦਮ ਇੱਕ ਈਕੋ ਚੈਂਬਰ ਵਾਂਗ ਕੰਮ ਕਰ ਰਿਹਾ ਹੈ ਕਿਉਂਕਿ ਇਹ ਤੁਹਾਨੂੰ ਇੱਕੋ ਕਿਸਮ ਦੀ ਸਮੱਗਰੀ ਵਾਰ-ਵਾਰ ਵੇਖਣ ਅਤੇ ਸੁਣਨ ਲਈ ਦਿੰਦਾ ਹੈ।
ਔਨਲਾਈਨ ਈਕੋ ਚੈਂਬਰ ਅਕਸਰ ਨਕਾਰਾਤਮਕ ਅਨੁਭਵ ਕਿਉਂ ਹੁੰਦਾ ਹੈ?
ਔਨਲਾਈਨ ਈਕੋ ਚੈਂਬਰ ਵਿੱਚ ਲੋਕ:
- ਕਿਸੇ ਮੁੱਦੇ ਦਾ ਸਿਰਫ਼ ਇੱਕ ਪੱਖ ਹੀ ਵੇਖਦੇ ਹਨ
- ਹੋਰ ਵਿਚਾਰਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ
- ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ ਨਾਲ ਬੁਲਿੰਗ ਕਰ ਸਕਦੇ ਹਨ ਜਾਂ ਬਦਸਲੂਕੀ ਕਰ ਸਕਦੇ ਹਨ
- ਤੁਹਾਨੂੰ ਇਹ ਮਹਿਸੂਸ ਕਰਵਾ ਸਕਦੇ ਹਨ ਕਿ ਤੁਸੀਂ ਜਿੱਦਾਂ ਦੇ ਹੋ, ਉਹ ਕਾਫ਼ੀ ਨਹੀਂ ਹੋ
- ਗ਼ਲਤ ਜਾਣਕਾਰੀ ਅਤੇ ਤੱਥ ਰਹਿਤ ਜਾਣਕਾਰੀ ਦੇ ਸਕਦੇ ਹਨ, ਜਿਸ ਕਾਰਨ ਤੁਸੀਂ ਅਜਿਹੀਆਂ ਗੱਲਾਂ ‘ਤੇ ਵਿਸ਼ਵਾਸ ਕਰਨ ਲੱਗ ਸਕਦੇ ਹੋ ਜੋ ਸੱਚ ਨਹੀਂ ਹਨ।
ਉਦਾਹਰਨ ਵਜੋਂ, ਔਨਲਾਈਨ ਈਕੋ ਚੈਂਬਰਾਂ ਵਿੱਚ ਮੌਜੂਦ ਲੋਕ ਆਪਣੇ ਤੋਂ ਵੱਖਰੇ ਲੋਕਾਂ ਦੇ ਸਮੂਹਾਂ ਬਾਰੇ ਗ਼ਲਤ ਜਾਂ ਅਣਉਚਿਤ ਗੱਲਾਂ ਕਰ ਸਕਦੇ ਹਨ, ਜਿਵੇਂ ਕਿ:
- ਦੂਜੇ ਦੇਸ਼ਾਂ ਦੇ ਲੋਕਾਂ ਬਾਰੇ
- ਔਰਤਾਂ ਬਾਰੇ
- ਅਪਾਹਜ ਲੋਕਾਂ ਬਾਰੇ
- ਉਨ੍ਹਾਂ ਲੋਕਾਂ ਬਾਰੇ, ਜੋ ਉਨ੍ਹਾਂ ਵਾਂਗ ਨਹੀਂ ਸੋਚਦੇ।
ਈਕੋ ਚੈਂਬਰ ਵਿੱਚ ਹੋਣ ਦੇ ਸੰਕੇਤ
- ਤੁਹਾਨੂੰ ਇੱਕੋ ਕਿਸਮ ਦੀਆਂ ਪੋਸਟਾਂ ਵਾਰ-ਵਾਰ ਦਿਖਾਈ ਦਿੰਦੀਆਂ ਹਨ।
- ਤੁਸੀਂ ਸੁੰਦਰਤਾ ਜਾਂ ਤੰਦਰੁਸਤੀ ਨਾਲ ਸੰਬੰਧਿਤ ਸੁਝਾਅ ਖੋਜਦੇ ਹੋ ਅਤੇ ਅਚਾਨਕ ਤੁਹਾਨੂੰ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਦਿਖਾਈ ਦੇਣ ਲੱਗਦੀਆਂ ਹਨ ਜੋ ਤੁਹਾਨੂੰ ਆਪਣੇ ਆਪ ਦੀ ਹੋਰ ਲੋਕਾਂ ਨਾਲ ਤੁਲਨਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਤੁਹਾਨੂੰ ‘ਸੰਪੂਰਨ’ ਬਣਨ ਦਾ ਦਬਾਅ ਮਹਿਸੂਸ ਹੋ ਸਕਦਾ ਹੈ।
- ਤੁਹਾਨੂੰ ਅਜਿਹੀਆਂ ਪੋਸਟਾਂ ਦਿਖਾਈ ਦਿੰਦੀਆਂ ਹਨ ਜੋ ਬਹੁਤ ਭਰੋਸੇਯੋਗ ਲੱਗਦੀਆਂ ਹਨ, ਪਰ ਆਮ ਤੌਰ ‘ਤੇ ਉਨ੍ਹਾਂ ਦੇ ਸਮਰਥਨ ਵਿੱਚ ਭਰੋਸੇਯੋਗ ਸਰੋਤਾਂ ਦੇ ਤੱਥ ਨਹੀਂ ਹੁੰਦੇ ਹਨ।
ਮੈਂ ਔਨਲਾਈਨ ਈਕੋ ਚੈਂਬਰ ਤੋਂ ਕਿਵੇਂ ਬਾਹਰ ਆ ਸਕਦਾ/ਦੀ ਹਾਂ?
ਇੱਥੇ ਕੁੱਝ ਗੱਲਾਂ ਹਨ ਜੋ ਤੁਸੀਂ ਕਰ ਸਕਦੇ ਹੋ:
- ਆਪਣਾ ਦੇਖਣ ਦਾ ਇਤਿਹਾਸ ਜਾਂ ਖੋਜ ਕਰਨ ਦਾ ਇਤਿਹਾਸ ਮਿਟਾਓ।
- ਭਰੋਸੇਯੋਗ ਵੈੱਬਸਾਈਟਾਂ ਤੋਂ ਵੱਖ-ਵੱਖ ਜਾਣਕਾਰੀ ਅਤੇ ਵਿਚਾਰਾਂ ਦੀ ਖੋਜ ਕਰੋ, ਜਿਵੇਂ ਕਿ:
- ਸਰਕਾਰੀ ਜਾਂ ਸਹਾਇਤਾ ਸੇਵਾਵਾਂ ਤੋਂ
- ਭਰੋਸੇਯੋਗ ਖ਼ਬਰ ਸਰੋਤਾਂ ਤੋਂ, – ਆਮ ਤੌਰ ‘ਤੇ ਉਹ ਜੋ ਬਹੁਤ ਸਾਰੇ ਵੱਖ-ਵੱਖ ਲੋਕਾਂ ਵੱਲੋਂ ਵੇਖੇ ਜਾਂਦੇ ਹਨ
- ਅਜਿਹੀਆਂ ਥਾਵਾਂ ਜਿੱਥੇ ਲੋਕ ਵੱਖ-ਵੱਖ ਵਿਚਾਰ ਅਤੇ ਰਾਏ ਸਾਂਝੀਆਂ ਕਰਦੇ ਹਨ — ਸਿਰਫ਼ ਉਹੀ ਨਹੀਂ ਜੋ ਤੁਸੀਂ ਹਮੇਸ਼ਾਂ ਵੇਖਦੇ ਹੋ।
- ਲੋਕਾਂ ਦੇ ਕੁੱਝ ਸਮੂਹਾਂ ਪ੍ਰਤੀ ਬਦਸਲੂਕੀ ਵਾਲੀਆਂ ਜਾਂ ਅਪਮਾਨਜਨਕ ਲੱਗਣ ਵਾਲੀਆਂ ਵੀਡੀਓ ਜਾਂ ਪੋਸਟਾਂ ਲਈ ‘ਦਿਲਚਸਪੀ ਨਹੀਂ’ ਜਾਂ ‘ਇਸ ਤਰ੍ਹਾਂ ਦੀ ਸਮੱਗਰੀ ਘੱਟ ਵਿਖਾਓ’ 'ਤੇ ਟੈਪ ਕਰੋ।
- ਉਨ੍ਹਾਂ ਲੋਕਾਂ ਨੂੰ ਮਿਊਟ ਕਰੋ ਜਾਂ ਉਨ੍ਹਾਂ ਨੂੰ ਫਾਲੋ ਕਰਨਾ ਬੰਦ ਕਰੋ ਜੋ ਔਨਲਾਈਨ ਬਹੁਤ ਜ਼ਿਆਦਾ ਗੁੱਸੇ ਵਾਲੀਆਂ ਜਾਂ ਭੜਕਾਊ ਗੱਲਾਂ ਕਰਦੇ ਹਨ।
- ਔਨਲਾਈਨ ਰਹਿਣ ਤੋਂ ਬ੍ਰੇਕ ਲਵੋ।
ਜੇਕਰ ਔਨਲਾਈਨ ਕੋਈ ਚੀਜ਼ ਮੈਨੂੰ ਚਿੰਤਤ ਕਰਦੀ ਹੈ, ਤਾਂ ਮੈਂ ਕੀ ਕਰ ਸਕਦਾ/ਸਕਦੀ ਹਾਂ?
ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਸੀਂ ਕਿਸੇ ਵੀ ਉਮਰ ਦੇ ਹੋਵੋ, ਜੇਕਰ ਤੁਹਾਡੇ ਨਾਲ ਔਨਲਾਈਨ ਕੋਈ ਨੁਕਸਾਨਦੇਹ ਅਨੁਭਵ ਹੁੰਦਾ ਹੈ, ਤਾਂ ਤੁਹਾਨੂੰ ਮੱਦਦ ਲੈਣੀ ਚਾਹੀਦੀ ਹੈ — ਭਾਵੇਂ ਤੁਸੀਂ 16 ਸਾਲ ਤੋਂ ਘੱਟ ਉਮਰ ਦੇ ਹੋ ਅਤੇ ਇਹ ਕਿਸੇ ਉਮਰ ਦੀ ਪਾਬੰਦੀ ਵਾਲੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਹੋਇਆ ਹੋਵੇ। ਜੇਕਰ ਤੁਹਾਡੇ ਕੋਲ ਅਜੇ ਵੀ ਖਾਤਾ ਹੈ, ਤਾਂ ਵੀ ਤੁਸੀਂ ਮੁਸੀਬਤ ਵਿੱਚ ਨਹੀਂ ਫਸੋਗੇ।
ਜੇਕਰ ਤੁਸੀਂ ਔਨਲਾਈਨ ਕਿਸੇ ਚੀਜ਼ ਜਾਂ ਵਿਅਕਤੀ ਬਾਰੇ ਨਿਸ਼ਚਿੰਤ ਨਹੀਂ ਹੋ, ਜਾਂ ਤੁਸੀਂ ਤਣਾਅ, ਦਬਾਅ, ਉਲਝਣ, ਬੇਚੈਨੀ ਜਾਂ ਅਸੁਰੱਖਿਅਤ ਮਹਿਸੂਸ ਕਰਦੇ ਹੋ, ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ:
- ਇਸ ਬਾਰੇ ਕਿਸੇ ਭਰੋਸੇਯੋਗ ਬਾਲਗ ਵਿਅਕਤੀ ਨਾਲ ਗੱਲ ਕਰੋ, ਜਿਵੇਂ:
- ਮਾਪੇ ਜਾਂ ਆਂਟੀ
- ਦੇਖਭਾਲ ਕਰਨ ਵਾਲਾ ਵਿਅਕਤੀ
- ਅਧਿਆਪਕ
- ਕੋਚ
- ਭਾਈਚਾਰਕ ਸਹਾਇਤਾ ਕਰਮਚਾਰੀ।
- ਕਿਡਜ਼ ਹੈਲਪਲਾਈਨ (ਜੋ 5 ਤੋਂ 25 ਸਾਲ ਦੇ ਯੁਵਕਾਂ ਲਈ ਹੈ) ਵਰਗੀ ਕਾਊਂਸਲਿੰਗ ਅਤੇ ਸਹਾਇਤਾ ਸੇਵਾ ਨਾਲ, 1800 55 1800 ‘ਤੇ ਜਾਂ www.kidshelpline.com.au ਰਾਹੀਂ ਸੰਪਰਕ ਕਰੋ। ਇਹ ਮੁਫ਼ਤ, ਗੁਪਤ ਹਨ ਅਤੇ 24/7 ਗੱਲ ਕਰਨ ਲਈ ਉਪਲਬਧ ਹਨ।
- ਨੁਕਸਾਨਦੇਹ ਜਾਂ ਗ਼ੈਰ-ਕਾਨੂੰਨੀ ਸਮੱਗਰੀ, ਜਿਸ ਵਿੱਚ ਨਕਲੀ ਤਸਵੀਰਾਂ ਜਾਂ ਵੀਡੀਓ (ਖ਼ਾਸ ਕਰਕੇ ਜੇਕਰ ਉਹ ਜਿਨਸੀ ਕਿਸਮ ਦੀਆਂ ਹੋਣ) ਸ਼ਾਮਲ ਹਨ, ਉਸ ਪਲੇਟਫ਼ਾਰਮ ‘ਤੇ ਰਿਪੋਰਟ ਕਰੋ ਜਿੱਥੇ ਤੁਸੀਂ ਉਹਨਾਂ ਨੂੰ ਵੇਖਿਆ ਸੀ। eSafety ਗਾਈਡ ਵਿੱਚ ਵੱਖ-ਵੱਖ ਪਲੇਟਫ਼ਾਰਮਾਂ, ਐਪਾਂ ਅਤੇ ਵੈੱਬਸਾਈਟਾਂ ‘ਤੇ ਨੁਕਸਾਨਦੇਹ ਸਮੱਗਰੀ ਦੀ ਰਿਪੋਰਟ ਕਰਨ ਬਾਰੇ ਕਦਮ-ਦਰ-ਕਦਮ ਜਾਣਕਾਰੀ ਦਿੱਤੀ ਗਈ ਹੈ।
- ਜੇਕਰ ਪਲੇਟਫ਼ਾਰਮ ਮੱਦਦ ਨਹੀਂ ਕਰਦਾ, ਤਾਂ ਕਿਸੇ ਨੂੰ ਕਹੋ ਕਿ ਉਹ ਇਹ ਜਾਂਚਣ ਵਿੱਚ ਤੁਹਾਡੀ ਮੱਦਦ ਕਰੇ ਕਿ ਕੀ ਇਸਦੀ ਰਿਪੋਰਟ eSafety.gov.au/report ‘ਤੇ eSafety ਨੂੰ ਕੀਤੀ ਜਾ ਸਕਦੀ ਹੈ। eSafety ਸਾਇਬਰ ਧੱਕੇਸ਼ਾਹੀ, ਬਾਲਗਾਂ ਨਾਲ ਸਾਈਬਰ ਦੁਰਵਿਵਹਾਰ ਅਤੇ ਚਿੱਤਰ-ਅਧਾਰਿਤ ਸੋਸ਼ਣ (ਕਿਸੇ ਵਿਅਕਤੀ ਦੀ ਮੰਨਜ਼ੂਰੀ ਤੋਂ ਬਿਨਾਂ ਉਸ ਦੀਆਂ ਨਿੱਜੀ ਤਸਵੀਰਾਂ ਸਾਂਝੀਆਂ ਕਰਨਾ, ਜਾਂ ਸਾਂਝੀਆਂ ਕਰਨ ਦੀਆਂ ਧਮਕੀ ਦੇਣਾ) ਦੇ ਨਾਲ-ਨਾਲ ਗ਼ੈਰ-ਕਾਨੂੰਨੀ ਅਤੇ ਪਾਬੰਦੀਸ਼ੁਦਾ ਸਮੱਗਰੀ ਦੀ ਜਾਂਚ ਕਰ ਸਕਦੀ ਹੈ।
- ਆਪਣੀਆਂ ਗੁਪਤਤਾ ਸੈਟਿੰਗਾਂ ਅਤੇ ਸੁਰੱਖਿਆ ਸੈਟਿੰਗਾਂ ਦੀ ਵਰਤੋਂ ਕਰਕੇ ਉਹਨਾਂ ਲੋਕਾਂ ਦੀਆਂ ਟਿੱਪਣੀਆਂ ਨੂੰ ਮਿਊਟ ਕਰੋ ਅਤੇ ਉਨ੍ਹਾਂ ਨਾਲ ਸੰਪਰਕ ਸੀਮਿਤ ਕਰੋ ਜੋ ਤੁਹਾਡੇ ‘ਤੇ ਦਬਾਅ ਪਾਉਂਦੇ ਹਨ ਜਾਂ ਤੁਹਾਨੂੰ ਡਰਾਉਂਦੇ ਹਨ — ਤੁਸੀਂ ਉਨ੍ਹਾਂ ਦੀ ਪਲੇਟਫ਼ਾਰਮ ‘ਤੇ ਰਿਪੋਰਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਲੌਕ ਵੀ ਕਰ ਸਕਦੇ ਹੋ।
Last updated: 20/07/2026