16 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਉਮਰ ਸੰਬੰਧੀ ਪਾਬੰਦੀਆਂ (Social media age restrictions for under-16s)
ਇਹ ਕਾਨੂੰਨ ਕੀ ਹੈ?
ਇਹ ਸੋਸ਼ਲ ਮੀਡੀਆ ਕਾਨੂੰਨ ਕਹਿੰਦਾ ਹੈ ਕਿ ਔਨਲਾਈਨ ਪਲੇਟਫ਼ਾਰਮਾਂ ਨੂੰ 16 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ ਹੈ।
ਇਹ ਸੋਸ਼ਲ ਮੀਡੀਆ ਪਾਬੰਦੀਆਂ ਕਈ ਪਲੇਟਫ਼ਾਰਮਾਂ ‘ਤੇ ਲਾਗੂ ਹੁੰਦੀਆਂ ਹਨ, ਜਿਵੇਂ ਫੇਸਬੁੱਕ, ਇੰਸਟਾਗ੍ਰਾਮ, ਕਿੱਕ ਰੈਡਿਟ, ਸਨੈਪਚੈਟ, ਥ੍ਰੈਡਜ਼, ਟਿੱਕਟੌਕ, ਟਵਿੱਚ, X ਅਤੇ ਯੂ-ਟਿਊਬ।
ਇਹ ਕਾਨੂੰਨ ਕਿਉਂ ਬਣਾਇਆ ਗਿਆ ਸੀ?
ਇਸ ਕਾਨੂੰਨ ਦਾ ਉਦੇਸ਼ 16 ਸਾਲ ਤੋਂ ਘੱਟ ਉਮਰ ਦੇ ਯੁਵਕਾਂ ਨੂੰ ਵਧੇਰੇ ਸੁਰੱਖਿਅਤ, ਤੰਦਰੁਸਤ ਅਤੇ ਖੁਸ਼ ਰੱਖਣਾ ਹੈ।
ਬਹੁਤ ਸਾਰੀਆਂ ਸੋਸ਼ਲ ਮੀਡੀਆ ਐਪਾਂ:
- ਲੋਕਾਂ ਨੂੰ ਬਹੁਤ ਲੰਬੇ ਸਮੇਂ ਤੱਕ ਆਪਣੀ ਵਰਤੋਂ ਕਰਦੇ ਰਹਿਣ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ
- ਧਿਆਨ ਖਿੱਚਣ ਲਈ ਬਹੁਤ ਸਾਰੇ ਸੁਨੇਹੇ ਭੇਜਦੀਆਂ ਹਨ
- ਅਜਿਹੀ ਚੀਜ਼ਾਂ ਦਿਖਾਉਂਦੀਆਂ ਹਨ ਜੋ ਨਕਾਰਾਤਮਕ, ਪ੍ਰੇਸ਼ਾਨ ਕਰਨ ਵਾਲੀ ਜਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਹੋ ਸਕਦੀਆਂ ਹਨ।
ਸੋਸ਼ਲ ਮੀਡੀਆ ਐਪਾਂ ਦੀ ਵਰਤੋਂ ਕਰਨ ਨਾਲ:
- ਲੋਕ ਸਿਹਤਮੰਦ ਔਫ਼ਲਾਈਨ ਗਤੀਵਿਧੀਆਂ ਕਰਨ ਤੋਂ ਦੂਰ ਹੋ ਸਕਦੇ ਹਨ
- ਲੋਕ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਘੱਟ ਕਰ ਸਕਦੇ ਹਨ
- ਸਕੂਲ ਜਾਂ ਕੰਮ ‘ਤੇ ਧਿਆਨ ਲਗਾਉਣਾ ਔਖਾ ਹੋ ਸਕਦਾ ਹੈ
- ਨੀਂਦ ਆਉਣ ਵਿੱਚ ਮੁਸ਼ਕਿਲ ਹੋ ਸਕਦੀ ਹੈ।
ਜੇਕਰ ਇਸ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਤਾਂ ਕੀ ਹੋਵੇਗਾ?
ਜੇਕਰ ਕੋਈ ਵਿਅਕਤੀ 16 ਸਾਲ ਤੋਂ ਘੱਟ ਉਮਰ ਦਾ ਹੋਣ ਦੇ ਬਾਵਜੂਦ ਸੋਸ਼ਲ ਮੀਡੀਆ ਅਕਾਊਂਟ ਵਰਤ ਰਿਹਾ ਹੈ:
- ਉਹ ਮੁਸੀਬਤ ਵਿੱਚ ਨਹੀਂ ਪੈਣਗੇ
- ਉਨ੍ਹਾਂ ਦਾ ਪਰਿਵਾਰ ਵੀ ਮੁਸੀਬਤ ਵਿੱਚ ਨਹੀਂ ਪਵੇਗਾ
- ਸੋਸ਼ਲ ਮੀਡੀਆ ਐਪ ਨੂੰ ਵੱਡਾ ਜੁਰਮਾਨਾ ਭਰਨਾ ਪੈ ਸਕਦਾ ਹੈ।
ਇਹ ਕਿਵੇਂ ਕੰਮ ਕਰਦਾ ਹੈ?
- ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੇ ਆਪਣੇ ਖਾਤਾ ਧਾਰਕਾਂ ਦੀ ਉਮਰ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ।
- ਜੇਕਰ ਕੋਈ ਖਾਤਾ ਧਾਰਕ 16 ਸਾਲ ਤੋਂ ਘੱਟ ਉਮਰ ਦਾ ਹੈ, ਤਾਂ ਉਸ ਸੋਸ਼ਲ ਮੀਡੀਆ ਪਲੇਟਫ਼ਾਰਮ ਨੂੰ ਉਨ੍ਹਾਂ ਦੇ ਖਾਤੇ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
- ਪਲੇਟਫ਼ਾਰਮ ਨੂੰ ਇਹ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਜੋ ਵੀ ਨਵਾਂ ਖਾਤਾ ਬਣਾਉਣ ਲਈ ਸਾਈਨ ਅੱਪ ਕਰਦਾ ਹੈ, ਉਹ ਵਿਅਕਤੀ 16 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੈ।
- ਪਲੇਟਫ਼ਾਰਮ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਉਮਰ ਦੀ ਜਾਂਚ ਕਿਵੇਂ ਕਰ ਰਹੇ ਹਨ — ਜਿਸ ਵਿੱਚ ਸ਼ਾਮਲ ਹਨ ਜਾਂਚ ਦੇ ਕਦਮ, ਖਾਤਾ ਧਾਰਕਾਂ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ, ਅਤੇ ਕੀ ਇਹ ਜਾਂਚ ਕਿਸੇ ਹੋਰ ਕੰਪਨੀ ਰਾਹੀਂ ਕਰਵਾਈ ਜਾ ਰਹੀ ਹੈ।
- ਭਾਵੇਂ ਉਮਰ ਦੀ ਜਾਂਚ ਪਹਿਲੀ ਵਾਰ ਕਿਸੇ ਯੁਵਕ ਵਰਤੋਂਕਾਰ ਨੂੰ ਬਲੌਕ ਨਾ ਕਰੇ, ਫਿਰ ਵੀ ਉਹ 16 ਸਾਲ ਦੇ ਹੋਣ ਤੱਕ ਕਿਸੇ ਵੀ ਸਮੇਂ ਆਪਣੇ ਖਾਤੇ ਦੀ ਪਹੁੰਚ ਗੁਆ ਸਕਦੇ ਹਨ।
ਜਿੱਥੇ ਪਲੇਟਫ਼ਾਰਮਾਂ ਨੇ ਇਹ ਜਾਣਕਾਰੀ ਦਿੱਤੀ ਹੈ, ਉੱਥੇ eSafety ਗਾਈਡ ਵਿੱਚ ਉਮਰ ਦੀ ਜਾਂਚ ਨਾਲ ਸੰਬੰਧਿਤ ਜਾਣਕਾਰੀ ਦੇ ਲਿੰਕ ਉਪਲਬਧ ਹਨ।
ਯੁਵਕਾਂ ਲਈ ਸਲਾਹ
ਖਾਤੇ ਦੇ ਬੰਦ ਹੋਣ ਲਈ ਪਹਿਲਾਂ ਤੋਂ ਤਿਆਰ ਰਹੋ
ਭਾਵੇਂ ਤੁਹਾਡਾ ਸੋਸ਼ਲ ਮੀਡੀਆ ਖਾਤਾ ਹਾਲੇ ਵੀ ਚੱਲ ਰਿਹਾ ਹੋਵੇ, ਫਿਰ ਵੀ ਤੁਸੀਂ 16 ਸਾਲ ਦੇ ਹੋਣ ਤੱਕ ਕਿਸੇ ਵੀ ਵੇਲੇ ਇਸਦੀ ਪਹੁੰਚ ਗੁਆ ਸਕਦੇ ਹੋ।
ਇੱਥੇ ਕੁੱਝ ਸੁਝਾਅ ਦਿੱਤੇ ਗਏ ਹਨ, ਜੋ ਤੁਹਾਨੂੰ ਜੁੜੇ ਰਹਿਣ ਅਤੇ ਆਪਣੀ ਮਹੱਤਵਪੂਰਨ ਜਾਣਕਾਰੀ ਸੰਭਾਲ ਕੇ ਰੱਖਣ ਵਿੱਚ ਮੱਦਦ ਕਰ ਸਕਦੇ ਹਨ।
ਕਦਮ 1
- ਸੋਚੋ ਕਿ ਤੁਹਾਡੇ ਲਈ ਕਿਹੜੀਆਂ ਐਪਾਂ ਅਤੇ ਲੋਕ ਸਭ ਤੋਂ ਜ਼ਿਆਦਾ ਮਹੱਤਵਪੂਰਨ ਹਨ।
- ਕਿਸੇ ਭਰੋਸੇਯੋਗ ਬਾਲਗ ਵਿਅਕਤੀ ਨੂੰ ਕਹੋ ਕਿ ਉਹ ਤੁਹਾਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸੰਪਰਕ ਵਿੱਚ ਰਹਿਣ ਦੇ ਹੋਰ ਤਰੀਕੇ ਬਣਾਉਣ ਵਿੱਚ ਮੱਦਦ ਕਰੇ।
- ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸੰਪਰਕ ਵਿੱਚ ਰਹਿਣ ਲਈ ਤੁਸੀਂ ਇਹ ਤਰੀਕੇ ਵਰਤ ਸਕਦੇ ਹੋ:
- ਔਨਲਾਈਨ ਦੀ ਥਾਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲਣ ਲਈ ਵੱਧ ਸਮਾਂ ਕੱਢਣਾ
- ਜਿਨ੍ਹਾਂ ਲੋਕਾਂ ਨੂੰ ਤੁਸੀਂ ਨਿੱਜੀ ਤੌਰ 'ਤੇ ਚੰਗੀ ਤਰ੍ਹਾਂ ਜਾਣਦੇ ਹੋ, ਉਨ੍ਹਾਂ ਨਾਲ ਫ਼ੋਨ ਨੰਬਰ ਸਾਂਝੇ ਕਰਨਾ
- ਅਜਿਹੀਆਂ ਔਨਲਾਈਨ ਥਾਵਾਂ ‘ਤੇ ਨਵੇਂ ਗਰੁੱਪ ਬਣਾਉਣਾ ਜੋ ਸੋਸ਼ਲ ਮੀਡੀਆ ਨਹੀਂ ਹਨ, ਜਿਵੇਂ ਮੈਸੇਜਿੰਗ ਐਪਸ ਜਾਂ ਗੇਮਾਂ ਵਿੱਚ।
ਕਦਮ 2
ਪਲੇਟਫ਼ਾਰਮ ਤੁਹਾਡੇ ਖਾਤੇ ਨੂੰ ਤੁਹਾਡੇ 16 ਸਾਲ ਦਾ ਹੋਣ ਤੱਕ ਸਿਰਫ਼ ਬੰਦ ਕਰਨ ਦੀ ਬਜਾਏ ਡਿਲੀਟ ਵੀ ਕਰ ਸਕਦਾ ਹੈ, ਇਸ ਲਈ ਪਹਿਲਾਂ ਹੀ ਸੋਚ ਲਵੋ ਕਿ ਤੁਸੀਂ ਕੀ ਸੰਭਾਲ ਕੇ ਰੱਖਣਾ ਚਾਹੁੰਦੇ ਹੋ।
ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਸੰਭਾਲ ਕੇ ਰੱਖਣਾ ਚਾਹੁੰਦੇ ਹੋ, ਉਨ੍ਹਾਂ ਨੂੰ ਡਾਊਨਲੋਡ ਅਤੇ ਸੇਵ ਕਰਨ ਲਈ ਮੱਦਦ ਲਵੋ।
ਇਸ ਵਿੱਚ ਸੰਪਰਕ ਜਾਣਕਾਰੀ, ਫ਼ੋਟੋਆਂ, ਵੀਡੀਓ ਅਤੇ ਸੁਨੇਹੇ ਸ਼ਾਮਲ ਹੋ ਸਕਦੇ ਹਨ।
ਠੱਗੀਆਂ ਤੋਂ ਸਾਵਧਾਨ ਰਹੋ
ਚੇਤਾਵਨੀ: ਕੋਈ ਠੱਗ ਤੁਹਾਡੇ ਕੋਲੋਂ ਉਮਰ ਦਾ ਸਬੂਤ ਦਿਖਾਉਣ ਦੀ ਨਕਲੀ ਬੇਨਤੀ ਭੇਜ ਕੇ ਜਾਂ ਇਹ ਦਿਖਾਵਾ ਕਰਕੇ ਕਿ ਉਹ 16 ਸਾਲ ਤੋਂ ਘੱਟ ਉਮਰ ਹੋਣ ਦੇ ਬਾਵਜੂਦ ਤੁਹਾਨੂੰ ਸੋਸ਼ਲ ਮੀਡੀਆ ਦੀ ਪਹੁੰਚ ਦਿਵਾ ਸਕਦੇ ਹਨ, ਤੁਹਾਡੇ ਪੈਸੇ ਜਾਂ ਨਿੱਜੀ ਜਾਣਕਾਰੀ ਚੁਰਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
ਰੁਕੋ। ਸੋਚੋ। ਜਾਂਚ ਕਰੋ।
- ਜੇਕਰ ਕੋਈ ਕਹਿੰਦਾ ਹੈ ਕਿ ਤੁਸੀਂ ਪੈਸੇ ਦੇ ਕੇ 16 ਸਾਲ ਤੋਂ ਘੱਟ ਉਮਰ ਵਿੱਚ ਵੀ ਸੋਸ਼ਲ ਮੀਡੀਆ ਵਰਤ ਸਕਦੇ ਹੋ, ਤਾਂ ਉਸਨੂੰ ਪੈਸੇ ਨਾ ਦਿਓ।
- ਜੇਕਰ ਕੋਈ ਤੁਹਾਨੂੰ ਰਿਪੋਰਟ ਕਰਨ ਦੀ ਧਮਕੀ ਦੇ ਕੇ ਪੈਸੇ ਜਾਂ ਹੋਰ ਕੁੱਝ ਭੇਜਣ ਲਈ ਕਹਿੰਦਾ ਹੈ, ਤਾਂ ਉਸਨੂੰ ਕੁੱਝ ਵੀ ਨਾ ਦਿਓ।
- ਉਨ੍ਹਾਂ ਨੂੰ ਆਪਣੇ ਪਾਸਵਰਡ ਨਾ ਦਿਓ।
- ਉਨ੍ਹਾਂ ਨੂੰ ਆਪਣੀਆਂ ਤਸਵੀਰਾਂ ਜਾਂ ਨਿੱਜੀ ਜਾਣਕਾਰੀ ਨਾ ਭੇਜੋ।
- ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰੋ ਅਤੇ ਨਾ ਹੀ ਕੋਈ ਅਟੈਚਮੈਂਟ ਜਾਂ ਐਪ ਡਾਊਨਲੋਡ ਕਰੋ, ਜਦੋਂ ਤੱਕ ਤੁਸੀਂ ਉਸਦੇ ਸਰੋਤ ਦੀ ਪੁਸ਼ਟੀ ਨਾ ਕਰ ਲਵੋ - ਬ੍ਰਾਊਜ਼ਰ ਜਾਂ ਐਪ ਰਾਹੀਂ ਸਿੱਧੇ ਹਰੇਕ ਪਲੇਟਫਾਰਮ ਦੇ 'ਮਦਦ' ਜਾਂ 'ਸਹਾਇਤਾ' ਭਾਗ 'ਤੇ ਜਾਓ, ਇਹ ਪਤਾ ਲਗਾਉਣ ਲਈ ਕਿ ਉਹ ਸੋਸ਼ਲ ਮੀਡੀਆ ਉਮਰ ਪਾਬੰਦੀਆਂ ਦਾ ਪ੍ਰਬੰਧਨ ਕਿਵੇਂ ਕਰ ਰਹੇ ਹਨ।
ਜੇਕਰ ਤੁਹਾਡੇ ਨਾਲ ਠੱਗੀ ਹੋ ਜਾਵੇ ਤਾਂ ਕੀ ਕਰਨਾ ਹੈ
- ਮੱਦਦ ਲਈ ਕਿਸੇ ਭਰੋਸੇਯੋਗ ਬਾਲਗ ਵਿਅਕਤੀ ਨਾਲ ਗੱਲ ਕਰੋ, ਜਿਵੇਂ ਮਾਪੇ, ਅਧਿਆਪਕ, ਵੱਡਾ ਭੈਣ-ਭਰਾ ਜਾਂ ਚਚੇਰਾ-ਮਮੇਰਾ ਭੈਣ-ਭਰਾ।
- ਤੁਸੀਂ ਮੁਫ਼ਤ ਅਤੇ ਗੁਪਤ ਸਹਾਇਤਾ ਸੇਵਾਵਾਂ ਜਿਵੇਂ ਕਿ ਕਿਡਜ਼ ਹੈਲਪਲਾਈਨ (5 ਤੋਂ 25 ਸਾਲ ਦੀ ਉਮਰ ਦੇ ਯੁਵਕਾਂ ਲਈ, 24/7 ਉਪਲਬਧ), ਹੈੱਡਸਪੇਸ (12 ਤੋਂ 25 ਸਾਲ ਦੀ ਉਮਰ ਦੇ ਯੁਵਕਾਂ ਲਈ), ਬਿਓਂਡ ਬਲੂ(ਸਾਰੀਆਂ ਉਮਰਾਂ ਲਈ, 24/7 ਉਪਲਬਧ) 'ਤੇ ਵੀ ਗੱਲ ਕਰ ਸਕਦੇ ਹੋ। ਭਾਵੇਂ ਤੁਸੀਂ 16 ਸਾਲ ਤੋਂ ਘੱਟ ਉਮਰ ਦੇ ਹੋ ਅਤੇ ਹਾਲੇ ਵੀ ਸੋਸ਼ਲ ਮੀਡੀਆ ਵਰਤ ਰਹੇ ਹੋ, ਫਿਰ ਵੀ ਤੁਸੀਂ ਮੁਸੀਬਤ ਵਿੱਚ ਨਹੀਂ ਫਸੋਗੇ।
- ਧਮਕੀਆਂ ਅਤੇ ਧੱਕੇਸ਼ਾਹੀ ਵਰਗੇ ਔਨਲਾਈਨ ਮੁੱਦਿਆਂ ਬਾਰੇ ਜਾਣਕਾਰੀ ਅਤੇ ਮਾਰਗਦਰਸ਼ਨ ਲਈ eSafety ਦੇ ਯੁਵਕਾਂ ਲਈ ਬਣਾਏ ‘I need help’ ਪੇਜ ‘ਤੇ ਜਾਓ।
- ਨਵੀਆਂ ਠੱਗੀਆਂ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਤਰੀਕਿਆਂ ਬਾਰੇ ਹੋਰ ਜਾਣਨ ਲਈ, ਆਸਟ੍ਰੇਲੀਆਈ ਸਰਕਾਰ ਦੀ Scamwatch ਵੈੱਬਸਾਈਟ ਵੇਖੋ।
- ਤੁਸੀਂ IDCare ਨਾਲ ਵੀ ਸੰਪਰਕ ਕਰ ਸਕਦੇ ਹੋ, ਜੋ ਇੱਕ ਗ਼ੈਰ-ਮੁਨਾਫ਼ਾ ਸੰਸਥਾ ਹੈ ਅਤੇ ਠੱਗੀ, ਪਛਾਣ ਦੀ ਚੋਰੀ ਅਤੇ ਹੋਰ ਸਾਈਬਰ ਅਪਰਾਧਾਂ ਤੋਂ ਉਭਰਨ ਵਿੱਚ ਤੁਹਾਡੀ ਮਦਦ ਕਰਦੀ ਹੈ।
ਕੁੱਝ ਆਮ ਠੱਗੀਆਂ ਜਿਨ੍ਹਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ
ਕੋਈ ਹੋਰ ਬਣ ਕੇ ਕੀਤੀਆਂ ਜਾਣ ਵਾਲੀਆਂ ਠੱਗੀਆਂ
ਕੋਈ ਠੱਗ ਆਪਣੇ ਆਪ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ, ਪਲੇਟਫ਼ਾਰਮ ਲਈ ਜਾਂਚ ਕਰਨ ਵਾਲੀ ਕੋਈ ਹੋਰ ਕੰਪਨੀ, ਕੋਈ ਸਰਕਾਰੀ ਵਿਭਾਗ ਜਾਂ ਪੁਲਿਸ ਜਾਂ ਸੁਰੱਖਿਆ ਸੇਵਾਵਾਂ ਵਰਗੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਵਜੋਂ ਖੁਦ ਨੂੰ ਪੇਸ਼ ਕਰ ਸਕਦਾ ਹੈ। ਉਹ ਕਹਿ ਸਕਦੇ ਹਨ ਕਿ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ ਜਾਂ ਆਪਣੀ ਉਮਰ ਸਾਬਤ ਕਰਨ ਲਈ ਕਿਸੇ ਲਿੰਕ ‘ਤੇ ਕਲਿੱਕ ਕਰਨਾ, ਆਪਣਾ ਯੂਜ਼ਰਨੇਮ ਜਾਂ ਪਾਸਵਰਡ ਦੇਣਾ, ਪਛਾਣ ਸੰਬੰਧੀ ਦਸਤਾਵੇਜ਼ ਅੱਪਲੋਡ ਕਰਨੇ ਜਾਂ ਆਪਣੀ ਵੀਡੀਓ ਭੇਜਣੀ ਪਵੇਗੀ। ਜੋ ਯੁਵਕ ਹਾਲੇ ਵੀ ਸੋਸ਼ਲ ਮੀਡੀਆ ਵਰਤ ਰਹੇ ਹਨ, ਉਨ੍ਹਾਂ ਲਈ ਕੋਈ ਜੁਰਮਾਨਾ ਨਹੀਂ ਹੈ। ਉਮਰ ਦੀ ਜਾਂਚ ਬਾਰੇ ਜਾਣਕਾਰੀ ਲੈਣ ਲਈ, ਹਮੇਸ਼ਾ ਬ੍ਰਾਊਜ਼ਰ ਜਾਂ ਐਪ ਰਾਹੀਂ ਸਿੱਧੇ ਹਰ ਪਲੇਟਫ਼ਾਰਮ ਦੇ 'ਮਦਦ' ਜਾਂ 'ਸਹਾਇਤਾ' ਭਾਗ 'ਤੇ ਜਾਓ।
ਖ਼ਰੀਦੋ-ਫ਼ਰੋਖ਼ਤ ਨਾਲ ਸੰਬੰਧਿਤ ਠੱਗੀਆਂ
ਇਹ ਠੱਗ ਤੁਹਾਨੂੰ ਨਕਲੀ ID ਜਾਂ ਉਮਰ-ਪ੍ਰਮਾਣਿਤ ਖਾਤੇ ਦੀ ਸਿੱਧੀ ਪਹੁੰਚ ਦੇਣ ਦੀ ਪੇਸ਼ਕਸ਼ ਕਰ ਸਕਦਾ ਹੈ। ਠੱਗ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਕਰ ਸਕਦਾ ਹੈ ਅਤੇ ਕਹਿ ਸਕਦਾ ਹੈ ਕਿ ਤੁਹਾਨੂੰ ਉਨ੍ਹਾਂ ਨੂੰ ਪੈਸੇ ਦੇਣੇ ਪੈਣਗੇ ਜਾਂ ਉਨ੍ਹਾਂ ਲਈ ਕੁੱਝ ਕਰਨਾ ਪਵੇਗਾ, ਜਿਵੇਂ ਨਗਨ ਤਸਵੀਰਾਂ ਭੇਜਣਾ ਜਾਂ ਔਨਲਾਈਨ ਸੈਕਸ ਕਰਨਾ ਸ਼ਾਮਲ ਹੋਣਾ। ਇਸ ਨਾਲ ‘ਸੈਕਸਟੋਰਸ਼ਨ’ (ਜਿਨਸੀ ਤਸਵੀਰਾਂ ਜਾਂ ਜਾਣਕਾਰੀ ਦੇ ਆਧਾਰ ‘ਤੇ ਬਲੈਕਮੇਲ ਕਰਨਾ) ਜਾਂ ਕਿਸੇ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਵੱਲੋਂ ‘ਗਰੂਮਿੰਗ’ (ਭਰੋਸਾ ਜਿੱਤ ਕੇ ਜਿਨਸੀ ਸ਼ੋਸ਼ਣ ਲਈ ਫਸਾਉਣਾ) ਕੀਤੀ ਜਾ ਸਕਦੀ ਹੈ।
ਖਾਤਾ ਆਪਣੇ ਕਬਜ਼ੇ ਵਿੱਚ ਲੈਣ ਵਾਲੀ ਠੱਗੀ
ਸੋਸ਼ਲ ਮੀਡੀਆ 'ਤੇ ਦੋਸਤ ਹੋਣ ਦਾ ਦਿਖਾਵਾ ਕਰਨ ਵਾਲਾ ਕੋਈ ਠੱਗ ਤੁਹਾਡਾ ਫ਼ੋਨ ਨੰਬਰ ਮੰਗ ਸਕਦਾ ਹੈ। ਉਹ ਕਹਿ ਸਕਦੇ ਹਨ ਕਿ ਉਨ੍ਹਾਂ ਦਾ ਫ਼ੋਨ ਗੁੰਮ ਹੋ ਗਿਆ ਹੈ (ਜਾਂ ਉਨ੍ਹਾਂ ਕੋਲ ਫ਼ੋਨ ਨਹੀਂ ਹੈ) ਅਤੇ ਪੁਸ਼ਟੀਕਰਨ ਕੋਡ ਲੈਣ ਲਈ ਉਨ੍ਹਾਂ ਨੂੰ ਸਿਰਫ਼ ਤੁਹਾਡਾ ਨੰਬਰ ਚਾਹੀਦਾ ਹੈ। ਠੱਗ ਤੁਹਾਡੇ ਖਾਤੇ ਵਿੱਚ ਲੌਗਇਨ ਕਰਨ ਅਤੇ ਤੁਹਾਡਾ ਪਾਸਵਰਡ ਬਦਲਣ ਲਈ ਉਸ ਪੁਸ਼ਟੀਕਰਨ ਕੋਡ ਦੀ ਵਰਤੋਂ ਕਰਦਾ ਹੈ, ਫਿਰ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਖਾਤੇ ਦਾ ਕੰਟਰੋਲ ਵਾਪਸ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਪੈਸੇ ਦੇਣੇ ਪੈਣਗੇ।
‘ਹੈਲੋ, ਮੰਮੀ’ ਕਿਸਮ ਦੀਆਂ ਠੱਗੀਆਂ
ਤੁਹਾਡੇ ਮਾਪਿਆਂ ਨੂੰ ਕਿਸੇ ਠੱਗ ਵੱਲੋਂ ਤੁਹਾਡੇ ਹੋਣ ਦਾ ਦਿਖਾਵਾ ਕਰਨ ਵਾਲਾ ਸੁਨੇਹਾ ਭੇਜਿਆ ਜਾਂਦਾ ਹੈ। ਉਹ ਆਮ ਤੌਰ ‘ਤੇ ਕਹਿੰਦੇ ਹਨ ਕਿ ਤੁਹਾਡਾ ਫ਼ੋਨ ਗੁੰਮ ਹੋ ਗਿਆ ਹੈ, ਇਸ ਲਈ ਤੁਸੀਂ ਕਿਸੇ ਹੋਰ ਦਾ ਨੰਬਰ ਵਰਤ ਰਹੇ ਹੋ। ਫਿਰ ਠੱਗ ਤੁਹਾਡੇ ਮਾਪਿਆਂ ਨੂੰ ਕਹਿੰਦਾ ਹੈ ਕਿ ਤੁਹਾਡੀ ਉਮਰ ਦੀ ਪੁਸ਼ਟੀ ਕਰਨ ਲਈ ਕਿਸੇ ਲਿੰਕ ‘ਤੇ ਕਲਿੱਕ ਕਰਨਾ ਜਾਂ ਤੁਹਾਡੀ ਪਛਾਣ ਸੰਬੰਧੀ ਜਾਣਕਾਰੀ ਦੀ ਕਾਪੀ (ਜਿਵੇਂ ਕਿ ਪਾਸਪੋਰਟ, ਉਮਰ ਦਾ ਸਬੂਤ ਅਤੇ/ਜਾਂ ਜਨਮ ਸਰਟੀਫਿਕੇਟ) ਭੇਜਣ ਦੀ ਲੋੜ ਹੈ।
ਮੱਦਦ ਕਿਵੇਂ ਲੈਣੀ ਹੈ?
ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਸੀਂ ਕਿਸੇ ਵੀ ਉਮਰ ਦੇ ਹੋਵੋ, ਜੇਕਰ ਤੁਹਾਡੇ ਨਾਲ ਔਨਲਾਈਨ ਕੋਈ ਨੁਕਸਾਨਦੇਹ ਅਨੁਭਵ ਹੁੰਦਾ ਹੈ, ਤਾਂ ਤੁਹਾਨੂੰ ਮੱਦਦ ਲੈਣੀ ਚਾਹੀਦੀ ਹੈ — ਭਾਵੇਂ ਤੁਸੀਂ 16 ਸਾਲ ਤੋਂ ਘੱਟ ਉਮਰ ਦੇ ਹੋ ਅਤੇ ਇਹ ਕਿਸੇ ਉਮਰ ਦੀ ਪਾਬੰਦੀ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹੋਇਆ ਹੋਵੇ। ਜੇਕਰ ਤੁਹਾਡੇ ਕੋਲ ਅਜੇ ਵੀ ਖਾਤਾ ਹੈ, ਤਾਂ ਵੀ ਤੁਸੀਂ ਮੁਸੀਬਤ ਵਿੱਚ ਨਹੀਂ ਫਸੋਗੇ।
ਜੇਕਰ ਤੁਸੀਂ ਔਨਲਾਈਨ ਕਿਸੇ ਚੀਜ਼ ਜਾਂ ਵਿਅਕਤੀ ਬਾਰੇ ਨਿਸ਼ਚਿੰਤ ਨਹੀਂ ਹੋ, ਜਾਂ ਤੁਸੀਂ ਤਣਾਅ, ਦਬਾਅ, ਉਲਝਣ, ਚਿੰਤਾ ਜਾਂ ਅਸੁਰੱਖਿਅਤ ਮਹਿਸੂਸ ਕਰਦੇ ਹੋ, ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ:
- ਇਸ ਬਾਰੇ ਕਿਸੇ ਭਰੋਸੇਯੋਗ ਬਾਲਗ ਵਿਅਕਤੀ ਨਾਲ ਗੱਲ ਕਰੋ, ਜਿਵੇਂ:
- ਮਾਪੇ ਜਾਂ ਆਂਟੀ
- ਦੇਖਭਾਲ ਕਰਨ ਵਾਲਾ ਵਿਅਕਤੀ
- ਅਧਿਆਪਕ
- ਕੋਚ
- ਭਾਈਚਾਰਕ ਸਹਾਇਤਾ ਕਰਮਚਾਰੀ।
- ਕਿਡਜ਼ ਹੈਲਪਲਾਈਨ (ਜੋ 5 ਤੋਂ 25 ਸਾਲ ਦੇ ਯੁਵਕਾਂ ਲਈ ਹੈ) ਵਰਗੀ ਕਾਊਂਸਲਿੰਗ ਅਤੇ ਸਹਾਇਤਾ ਸੇਵਾ ਨਾਲ, 1800 55 1800 ‘ਤੇ ਜਾਂ www.kidshelpline.com.au ਰਾਹੀਂ ਸੰਪਰਕ ਕਰੋ। ਇਹ ਮੁਫ਼ਤ, ਗੁਪਤ ਹਨ ਅਤੇ 24/7 ਗੱਲ ਕਰਨ ਲਈ ਉਪਲਬਧ ਹਨ।
- ਨੁਕਸਾਨਦੇਹ ਜਾਂ ਗ਼ੈਰ-ਕਾਨੂੰਨੀ ਸਮੱਗਰੀ, ਜਿਸ ਵਿੱਚ ਨਕਲੀ ਤਸਵੀਰਾਂ ਜਾਂ ਵੀਡੀਓ (ਖ਼ਾਸ ਕਰਕੇ ਜੇਕਰ ਉਹ ਜਿਨਸੀ ਕਿਸਮ ਦੀਆਂ ਹੋਣ) ਸ਼ਾਮਲ ਹਨ, ਉਸ ਪਲੇਟਫ਼ਾਰਮ ‘ਤੇ ਰਿਪੋਰਟ ਕਰੋ ਜਿੱਥੇ ਤੁਸੀਂ ਉਹਨਾਂ ਨੂੰ ਵੇਖਿਆ ਸੀ। eSafety ਗਾਈਡ ਵਿੱਚ ਵੱਖ-ਵੱਖ ਪਲੇਟਫ਼ਾਰਮਾਂ, ਐਪਾਂ ਅਤੇ ਵੈੱਬਸਾਈਟਾਂ ‘ਤੇ ਨੁਕਸਾਨਦੇਹ ਸਮੱਗਰੀ ਦੀ ਰਿਪੋਰਟ ਕਰਨ ਬਾਰੇ ਕਦਮ-ਦਰ-ਕਦਮ ਜਾਣਕਾਰੀ ਦਿੱਤੀ ਗਈ ਹੈ।
- ਜੇਕਰ ਪਲੇਟਫ਼ਾਰਮ ਮੱਦਦ ਨਹੀਂ ਕਰਦਾ, ਤਾਂ ਕਿਸੇ ਨੂੰ ਕਹੋ ਕਿ ਉਹ ਇਹ ਜਾਂਚਣ ਵਿੱਚ ਤੁਹਾਡੀ ਮੱਦਦ ਕਰੇ ਕਿ ਕੀ ਇਸਦੀ ਰਿਪੋਰਟ eSafety.gov.au/report ‘ਤੇ eSafety ਨੂੰ ਕੀਤੀ ਜਾ ਸਕਦੀ ਹੈ। eSafety ਸਾਇਬਰ ਧੱਕੇਸ਼ਾਹੀ, ਬਾਲਗਾਂ ਨਾਲ ਸਾਈਬਰ ਦੁਰਵਿਵਹਾਰ ਅਤੇ ਚਿੱਤਰ-ਅਧਾਰਿਤ ਸੋਸ਼ਣ (ਕਿਸੇ ਵਿਅਕਤੀ ਦੀ ਮੰਨਜ਼ੂਰੀ ਤੋਂ ਬਿਨਾਂ ਉਸ ਦੀਆਂ ਨਿੱਜੀ ਤਸਵੀਰਾਂ ਸਾਂਝੀਆਂ ਕਰਨਾ, ਜਾਂ ਸਾਂਝੀਆਂ ਕਰਨ ਦੀਆਂ ਧਮਕੀ ਦੇਣਾ) ਦੇ ਨਾਲ-ਨਾਲ ਗ਼ੈਰ-ਕਾਨੂੰਨੀ ਅਤੇ ਪਾਬੰਦੀਸ਼ੁਦਾ ਸਮੱਗਰੀ ਦੀ ਜਾਂਚ ਕਰ ਸਕਦੀ ਹੈ।
- ਆਪਣੀਆਂ ਗੁਪਤਤਾ ਸੈਟਿੰਗਾਂ ਅਤੇ ਸੁਰੱਖਿਆ ਸੈਟਿੰਗਾਂ ਦੀ ਵਰਤੋਂ ਕਰਕੇ ਉਹਨਾਂ ਲੋਕਾਂ ਦੀਆਂ ਟਿੱਪਣੀਆਂ ਨੂੰ ਮਿਊਟ ਕਰੋ ਅਤੇ ਉਨ੍ਹਾਂ ਨਾਲ ਸੰਪਰਕ ਸੀਮਿਤ ਕਰੋ ਜੋ ਤੁਹਾਡੇ ‘ਤੇ ਦਬਾਅ ਪਾਉਂਦੇ ਹਨ ਜਾਂ ਤੁਹਾਨੂੰ ਡਰਾਉਂਦੇ ਹਨ — ਤੁਸੀਂ ਉਨ੍ਹਾਂ ਦੀ ਪਲੇਟਫ਼ਾਰਮ ‘ਤੇ ਰਿਪੋਰਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਲੌਕ ਵੀ ਕਰ ਸਕਦੇ ਹੋ।
ਹੋਰ ਜਾਣਕਾਰੀ
ਯੁਵਕਾਂ ਲਈ: ਸੋਸ਼ਲ ਮੀਡੀਆ ਦੀ ਵਰਤੋਂ ਕਰਨ ਬਾਰੇ ਉਮਰ ਸੰਬੰਧੀ ਪਾਬੰਦੀਆਂ ਮੇਰੇ ‘ਤੇ ਕਿਵੇਂ ਅਸਰ ਪਾਉਂਦੀਆਂ ਹਨ?
ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ: ਸੋਸ਼ਲ ਮੀਡੀਆ ਦੀ ਵਰਤੋਂ ਕਰਨ ਬਾਰੇ ਉਮਰ ਸੰਬੰਧੀ ਪਾਬੰਦੀਆਂ ਅਤੇ ਤੁਹਾਡਾ ਪਰਿਵਾਰ
Last updated: 20/07/2026